ਜਲੰਧਰ, 8 ਅਪ੍ਰੈਲ – ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਧਮਾਕਾ ਹੋ ਗਿਆ।ਦੱਸਿਆ ਜਾ ਰਿਹਾ ਹੈ ਇਹ ਧਮਾਕਾ ਹੈਂਡ ਗ੍ਰੇਨੇਡ ਕਾਰਨ ਕੀਤਾ ਜਤਪਦਾ ਹੈ। ਧਮਾਕੇ ਤੋਂ ਬਾਅਦ ਘਰ ਦੇ ਅੰਦਰ ਸ਼ੀਸ਼ਿਆਂ ਦੇ ਟੁੱਟਣ ਤੋਂ ਲੈ ਕੇ ਬਾਹਰ ਪਈਆਂ ਚੀਜ਼ਾਂ ਖਿੱਲਰ ਗਈਆਂ। ਜ਼ਿਕਰਯੋਗ ਹੈ ਕਿ ਮਨੋਰੰਜਨ ਕਾਲੀਆ ਦਾ ਘਰ ਥਾਣੇ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਹੀ ਹੈ।
ਮਨੋਰੰਜਨ ਕਾਲੀਆ ਨੇ ਦੱਸਿਆ ਕਿ ਇਹ ਇਕ ਯੋਜਨਾਬੱਧ ਹਮਲਾ ਹੈ। ਉਨ੍ਹਾਂ ਦੱਸਿਆ ਕਿ ਉਹ ਰਾਤ ਤਕਰੀਬਨ 12.30 ਵਜੇ ਆਪਣੇ ਪਰਿਵਾਰ ਨਾਲ ਘਰ ’ਚ ਸੀ। ਬਾਹਰਲੀਆਂ ਲਾਈਟਾਂ ਬੰਦ ਸਨ ਅਤੇ ਇਸੇ ਦੌਰਾਨ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਦੇ ਨਾਲ-ਨਾਲ ਭੰਨਤੋੜ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ, ਜਿਸ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਦਰਵਾਜ਼ਿਆਂ ਸਣੇ ਅੰਦਰ ਖੜ੍ਹੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਲੋਕਾਂ ਲਈ ਲਾਈ ਗਈ ਪਾਣੀ ਦੀ ਟੈਂਕੀ ’ਤੇ ਪਏ ਗਿਲਾਸ ਵੀ ਖਿੱਲਰੇ ਹੋਏ ਸਨ। ਕਾਲੀਆ ਨੇ ਕਿਹਾ ਕਿ ਇਹ ਇਕ ਸੋਚੀ-ਸਮਝੀ ਸਾਜ਼ਿਸ਼ ਹੈ ਅਤੇ ਜਿਸ ਤਰ੍ਹਾਂ ਹੋਰ ਭਾਜਪਾ ਆਗੂਆਂ ’ਤੇ ਹਮਲਾ ਕੀਤਾ ਗਿਆ, ਇਹ ਉਸ ਦਾ ਹਿੱਸਾ ਹੋ ਸਕਦਾ ਹੈ।
ਇਸ ਹਮਲੇ ਸਬੰਧੀ ਏ. ਡੀ. ਸੀ. ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਫੋਰੈਂਸਿਕ ਲੈਬ ਦੀ ਟੀਮ ਮੌਕੇ ’ਤੇ ਪਹੁੰਚ ਰਹੀ ਹੈ। ਉਸ ਦੀ ਜਾਂਚ ਤੋਂ ਬਾਅਦ ਹੀ ਇਹ ਕਿਹਾ ਜਾ ਸਕਦਾ ਹੈ ਕਿ ਧਮਾਕਾ ਕਿਸ ਚੀਜ਼ ਨਾਲ ਕੀਤਾ ਗਿਆ ਹੈ। ਦੇਰ ਰਾਤ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਇਲਾਕੇ ਨੂੰ ਸੀਲ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ।
ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਰਾਤ ਨੂੰ ਲਗਭਗ 1 ਵਜੇ ਸਾਨੂੰ ਇੱਥੇ ਧਮਾਕੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸੀਂ ਸੀਸੀਟੀਵੀ ‘ਤੇ ਵੀ ਨਜ਼ਰ ਰੱਖ ਰਹੇ ਹਾਂ। ਫੋਰੈਂਸਿਕ ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਗ੍ਰਨੇਡ ਹਮਲਾ ਹੈ ਜਾਂ ਕੁਝ ਹੋਰ।