
ਮੰਡੀ, 22 ਮਾਰਚ – ਹਿਮਾਚਲ ਪ੍ਰਦੇਸ਼ ‘ਚ ਸੈਲਾਨੀਆਂ ਵਲੋਂ ਇਕ ਢਾਬੇ ਦੇ ਮਾਲਕ ਨੂੰ ਗੋਲੀ ਮਾਰ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੰਡੀ ਜ਼ਿਲ੍ਹੇ ਦੇ ਪੁਲਘਰਾਟ ‘ਚ ਸ਼ੁਕਰਵਾਰ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਢਾਬਾ ਮਾਲਕ ਨਾਲ ਹੋਈ ਬਹਿਸ ਦੌਰਾਨ ਉਸ ‘ਤੇ ਗੋਲੀ ਚਲਾ ਦਿਤੀ। ਮੰਡੀ ਪੁਲਿਸ ਸੁਪਰਡੈਂਟ ਸਾਕਸ਼ੀ ਵਰਮਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸ਼ਨੀਵਾਰ ਨੂੰ ਦਸਿਆ ਕਿ ਢਾਬਾ ਮਾਲਕ ਤੇ ਗੋਲੀ ਚਲਾਉਣ ਵਾਲੇ ਸੈਲਾਨੀ ਸਨ। ਢਾਬਾ ਸੰਚਾਲਕ ਪ੍ਰਦੀਪ ਗੁਲੇਰੀਆ (55) ਨੂੰ ਨੇਰਚੌਕ ਮੈਡੀਕਲ ਕਾਲਜ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਜੇਜੇਪੀ ਨੇਤਾ ਰਵਿੰਦਰ ਮਿੰਨਾ ਦੀ ਗੋਲੀ ਮਾਰ ਕੇ ਹੱਤਿਆ , ਦੋ ਜ਼ਖਮੀ
ਪੁਲਿਸ ਨੇ ਦਸਿਆ ਕਿ ਦੋਵੇਂ ਹਮਲਾਵਰ ਢਾਬੇ ‘ਤੇ ਪਹੁੰਚੇ ਅਤੇ ਖਾਣਾ ਪੈਕ ਕਰਨ ਦਾ ਆਰਡਰ ਦਿਤਾ। ਉਨ੍ਹਾਂ ਦਸਿਆ ਕਿ ਜਦੋਂ ਮਾਲਕ ਪ੍ਰਦੀਪ ਗੁਲੇਰੀਆ ਖਾਣਾ ਬਣਾ ਰਹੇ ਸਨ ਤਾਂ ਉਨ੍ਹਾਂ ਨੇ ਮੁੰਡਿਆਂ ਨੂੰ ਕਾਊਂਟਰ ਤੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ। ਗੁਲੇਰੀਆ ਵਲੋਂ ਦਰਜ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਦਸਿਆ ਕਿ ਜਦੋਂ ਉਨ੍ਹਾਂ ਨੇ ਹਮਲਾਵਰਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਫਾਇਰਿੰਗ ਕਰ ਦਿਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਏ ਅਤੇ ਉਹ ਦੋਵੇਂ ਨਕਦੀ ਤੇ ਇਕ ਐਲਈਡੀ ਟੀਵੀ ਲੈ ਕੇ ਫਰਾਰ ਹੋ ਗਏ। ਸੈਲਾਨੀਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਵਾਰ ਨੇ ਚਿੱਟੀ ਟੋਪੀ ਪਾਈ ਹੋਈ ਸੀ ਜਦੋਂ ਕਿ ਪਿੱਛੇ ਬੈਠਣ ਵਾਲੇ ਨੇ ਕਾਲੇ ਰੰਗ ਦਾ ਹੈਲਮੇਟ ਪਾਇਆ ਹੋਇਆ ਸੀ। ਪੁਲਿਸ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਨਿਆਏ ਸੰਹਿਤਾ ਦੀ ਧਾਰਾ 109 (ਕਤਲ ਦੀ ਕੋਸ਼ਿਸ਼), 307 (ਚੋਰੀ), 3(5) (ਸਾਂਝੀ ਅਪਰਾਧਿਕ ਜ਼ਿੰਮੇਵਾਰੀ) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਇੱਥੇ ਸਦਰ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵਧੀਕ ਪੁਲਿਸ ਸੁਪਰਡੈਂਟ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।