ਬਠਿੰਡਾ, 11 ਅਪ੍ਰੈਲ : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਬਠਿੰਡਾ ਸੈਂਟਰਲ ਜੇਲ੍ਹ ‘ਚ ਤਬਦੀਲ ਕੀਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ ਹੈ।ਕੈਦੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਨਾ ਤਾਂ ਧਾਰਮਿਕ ਆਜ਼ਾਦੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਜੇਲ੍ਹ ਨਿਯਮਾਂ ਮੁਤਾਬਕ ਸੁਵਿਧਾਵਾਂ ਮਿਲ ਰਹੀਆਂ ਹਨ। ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਨੇ ਇਕ ਆਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨਾਲ ਭੇਦਭਾਵ ਕਰ ਰਿਹਾ ਹੈ ਅਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਇਸ ਮਾਮਲੇ ਵਿਚ ਦਖ਼ਲ ਦੀ ਅਪੀਲ ਵੀ ਕੀਤੀ।
ਬਾਜੇਕੇ ਨੇ ਕਿਹਾ ਕਿ ਜਦ ਤਕ ਉਨ੍ਹਾਂ ਨੂੰ ਗੁਰੂ ਘਰ ਵਿਚ ਮੱਥਾ ਟੇਕਣ ਦੀ ਇਜਾਜ਼ਤ ਨਹੀਂ ਮਿਲਦੀ ਅਤੇ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਤਦ ਤਕ ਉਨ੍ਹਾਂ ਦੀ ਭੁੱਖ-ਹੜਤਾਲ ਜਾਰੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਦੇ ਬਾਥਰੂਮਾਂ ’ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਜੋ ਕਿ ਨਿੱਜਤਾ ਦਾ ਉਲੰਘਣ ਹੈ। ਇਸ ਮਾਮਲੇ ’ਤੇ ਬਠਿੰਡਾ ਸੈਂਟਰਲ ਜੇਲ੍ਹ ਦੇ ਸੁਪਰੀਡੈਂਟ ਮਨਜੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਾਰੇ ਕੈਦੀਆਂ ਨੂੰ ਜੇਲ੍ਹ ਨਿਯਮਾਂ ਦੇ ਅਧੀਨ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਭੁੱਖ-ਹੜਤਾਲ ’ਤੇ ਬੈਠੇ ਕੈਦੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਆਮ ਕੈਦੀਆਂ ਵਾਂਗ ਨਹੀਂ, ਸਗੋਂ ਖ਼ਾਸ ਡਿਊਢੀ ਵਿਚ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ, ਜੋ ਕਿ ਜੇਲ੍ਹ ਨਿਯਮਾਂ ਅਨੁਸਾਰ ਸੰਭਵ ਨਹੀਂ। ਦੱਸਣਯੋਗ ਹੈ ਕਿ ਐੱਨ. ਐੱਸ. ਏ. ਹਟਣ ਤੋਂ ਬਾਅਦ ਕੁਲਵੰਤ ਸਿੰਘ ਰਾਊਕੇ, ਹਰਜੀਤ ਸਿੰਘ ਚਾਚਾ, ਬਸੰਤ ਸਿੰਘ ਦੌਲਤਪੁਰਾ ਅਤੇ ਭਗਵੰਤ ਸਿੰਘ ਬਾਜੇਕੇ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਬਠਿੰਡਾ ਸੈਂਟਰਲ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਸੀ।