ਚੰਡੀਗੜ੍ਹ, 16 ਅਪ੍ਰੈਲ – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਵਾਦਿਤ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ‘ਚ 50 ਬੰਬ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 18 ਪਹਿਲਾਂ ਹੀ ਫਟ ਚੁੱਕੇ ਹਨ ਅਤੇ 32 ਅਜੇ ਫਟਣੇ ਬਾਕੀ ਹਨ, ਨੂੰ ਲਾਪਰਵਾਹੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ, ਜਿਸ ਦਾ ਮਕਸਦ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਪੈਦਾ ਕਰਨਾ ਹੈ। ਅਰੋੜਾ ਨੇ ਬਾਜਵਾ ਦੀ ਪੁਲਸ ਨਾਲ ਸਹਿਯੋਗ ਕਰਨ ਦੀ ਬਜਾਏ ਨਿੱਜੀ ਹਮਲੇ ਕਰਨ ਲਈ ਵੀ ਆਲੋਚਨਾ ਕੀਤੀ।
ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਅਰੋੜਾ ਨੇ ਬਾਜਵਾ ਨੂੰ ਬਹਿਸ ਦੀ ਖੁੱਲ੍ਹੀ ਚੁਣੌਤੀ ਦਿੰਦੇ ਕਿਹਾ ਕਿ ਜੇਕਰ ਅਜਿਹੇ ਬਿਆਨ ਭਰੋਸੇਯੋਗ ਜਾਣਕਾਰੀ ’ਤੇ ਆਧਾਰਿਤ ਹਨ ਤਾਂ ਉਨ੍ਹਾਂ ਨੂੰ ਪੁਲਸ ਅਤੇ ਖ਼ੁਫ਼ੀਆ ਏਜੰਸੀਆਂ ਨਾਲ ਤੁਰੰਤ ਸਹਿਯੋਗ ਕਰਨਾ ਚਾਹੀਦਾ ਹੈ। ਅਰੋੜਾ ਨੇ ਬਾਜਵਾ ਦੀ ਜਾਣਕਾਰੀ ਦੇ ਸਰੋਤ ਨੂੰ ਪੰਜਾਬ ਪੁਲਸ ਅਤੇ ਖ਼ੁਫ਼ੀਆ ਅਧਿਕਾਰੀਆਂ ਨਾਲ ਸਾਂਝਾ ਨਾ ਕਰਨ ਲਈ ਵੀ ਨਿੰਦਾ ਕੀਤੀ। ਅਰੋੜਾ ਨੇ ਕਿਹਾ, ‘ਜੇਕਰ ਬਾਜਵਾ ਕੋਲ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਗੁਪਤ ਜਾਣਕਾਰੀ ਤਕ ਪਹੁੰਚ ਹੈ, ਜਿਸ ਬਾਰੇ ਖ਼ੁਫ਼ੀਆ ਏਜੰਸੀਆਂ ਨੂੰ ਵੀ ਪਤਾ ਨਹੀਂ ਹੈ, ਤਾਂ ਉਨ੍ਹਾਂ ਨੂੰ ਆਪਣੇ ਸਰੋਤ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ ਪਰ ਹੁਣ ਉਹ ਬਹਾਨੇ ਬਣਾ ਰਹੇ ਹਨ।
ਅਮਨ ਅਰੋੜਾ ਨੇ ਕਿਹਾ, ‘ਬਿਨਾਂ ਸਬੂਤਾਂ ਦੇ ਅਜਿਹੇ ਬੇਬੁਨਿਆਦ ਦਾਅਵੇ ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਹਨ ਅਤੇ ਰਾਜਨੀਤਕ ਲੀਡਰਸ਼ਿਪ ਵਿਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੇ ਹਨ।’ ਅਰੋੜਾ ਨੇ ਬਾਜਵਾ ਵੱਲੋਂ ਉਨ੍ਹਾਂ ਵਿਰੁੱਧ ਨਿੱਜੀ ਟਿੱਪਣੀਆਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ, ‘ਮੈਂ ਕਦੇ ਵੀ ਨਿੱਜੀ ਹਮਲਿਆਂ ਜਾਂ ਛੋਟੀ ਰਾਜਨੀਤੀ ਵਿਚ ਸ਼ਾਮਲ ਨਹੀਂ ਹੋਇਆ। ਮੇਰੇ ਬਿਆਨ ਹਮੇਸ਼ਾ ਪੰਜਾਬ ਦੀ ਸੁਰੱਖਿਆ ਅਤੇ ਭਲਾਈ ਨਾਲ ਜੁੜੇ ਮੁੱਦਿਆਂ ’ਤੇ ਆਧਾਰਿਤ ਰਹੇ ਹਨ। ਪ੍ਰਤਾਪ ਬਾਜਵਾ ਨੇ ਨਿੱਜੀ ਟਿੱਪਣੀਆਂ ਦਾ ਸਹਾਰਾ ਲਿਆ ਹੈ, ਇਸ ਲਈ ਮੈਨੂੰ ਬੋਲਣਾ ਪੈ ਰਿਹਾ ਹੈ।’
ਅਰੋੜਾ ਨੇ ਮੰਗ ਕੀਤੀ ਕਿ ਜੇਕਰ ਬਾਜਵਾ ਕੋਲ ਸੱਚਮੁੱਚ ਭਰੋਸੇਯੋਗ ਜਾਣਕਾਰੀ ਹੈ ਤਾਂ ਉਨ੍ਹਾਂ ਨੂੰ ਇਹ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਹੈ ਅਤੇ ਜੇਕਰ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ, ਤਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਦਹਿਸ਼ਤ ਪੈਦਾ ਕਰਨ ਦੀ ਬਜਾਏ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਮਨ ਅਰੋੜਾ ਨੇ ਪ੍ਰਤਾਪ ਬਾਜਵਾ ਨੂੰ ਜਨਤਕ ਬਹਿਸ ਲਈ ਖੁੱਲ੍ਹੀ ਚੁਣੌਤੀ ਵੀ ਦਿੱਤੀ ਅਤੇ ਉਨ੍ਹਾਂ ਨੂੰ ਸਮਾਂ, ਮਿਤੀ ਅਤੇ ਪਲੇਟਫ਼ਾਰਮ ਚੁਣਨ ਲਈ ਕਿਹਾ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਉਹ ਮੇਰੇ ਨਾਲ ਬਹਿਸ ਕਰਦੇ ਹਨ ਤਾਂ ਮੈਂ ਪੰਜ ਮਿੰਟਾਂ ਦੇ ਅੰਦਰ ਉਨ੍ਹਾਂ ਦੇ ਬਿਆਨਾਂ ਦੀ ਸੱਚਾਈ ਦਾ ਪਰਦਾਫਾਸ਼ ਕਰ ਦਿਆਂਗਾ।