ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Tuesday, July 28, 2026
Home » ਕਸ਼ਮੀਰ ਦੇ ਪਹਿਲਗਾਮ ‘ਚ ਸੈਲਾਨੀਆਂ ‘ਤੇ ਹਮਲਾ , 26 ਦੀ ਮੌਤ

ਕਸ਼ਮੀਰ ਦੇ ਪਹਿਲਗਾਮ ‘ਚ ਸੈਲਾਨੀਆਂ ‘ਤੇ ਹਮਲਾ , 26 ਦੀ ਮੌਤ

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਹਮਲੇ ਦੀ ਸਖਤ ਨਿੰਦਾ, ਐਂਟੀ ਟੈਰਰ ਆਪਰੇਸ਼ਨ ਲਈ ਭਲਕੇ ਪਹਿਲਗਾਮ ਜਾਵੇਗੀ ਐਨ ਆਈ ਏ ਦੀ ਟੀਮ

by Raabta News
0 comments

ਸ਼੍ਰੀਨਗਰ, 22 ਅਪ੍ਰੈਲ – ਅਮਰਨਾਥ ਯਾਤਰਾ ਤੋਂ ਪਹਿਲਾਂ ਹੀ ਪਹਿਲਗਾਮ ਨੇੜੇ ਸੈਲਾਨੀਆਂ ‘ਤੇ ਵੱਡਾ ਹਮਲਾ ਹੋਇਆ ਹੈ। ਹਥਿਆਰਬੰਦ ਵਿਅਕਤੀਆਂ ਨੇ ਪਹਿਲਗਾਮ ਵਿਚ ਮੰਗਲਵਾਰ ਨੂੰ ਸੈਲਾਨੀਆਂ ‘ਤੇ ਫਾਇਰਿੰਗ ਕੀਤੀ। ਹਮਲਾ ਦੁਪਹਿਰ ਨੂੰ ਬੈਸਰਨ ਘਾਟੀ ਇਲਾਕੇ ‘ਚ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰਿੰਗ ‘ਚ 26 ਸੈਲਾਨੀਆਂ ਦੀ ਮੌਤ ਹੋ ਗਈ ਹੈ ਅਤੇ 5 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ‘ਚ ਕੁਝ ਸਥਾਨਕ ਵੀ ਹਨ। ਸੁਰੱਖਿਆ ਫ਼ੋਰਸਾਂ ਨੇ ਇਲਾਕੇ ਨੂੰ ਘੇਰ ਲਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਬੈਸਰਨ ਇਲਾਕੇ ‘ਚ ਸੈਲਾਨੀਆਂ ਦਾ ਇਕ ਦਲ ਘੁੰਮਣ ਗਿਆ ਸੀ, ਇਸੇ ਦੌਰਾਨ ਹਥਿਆਰਬੰਦ ਵਿਅਕਤੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਕ ਨਿਊਜ਼ ਏਜੰਸੀ ਨੂੰ ਇਕ ਔਰਤ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੇ ਪਤੀ ਦੇ ਸਿਰ ‘ਚ ਗੋਲੀ ਲੱਗੀ ਹੈ । ਔਰਤ ਨੇ ਆਪਣੀ ਪਛਾਣ ਨਹੀਂ ਦੱਸੀ ਹੈ। ਹਾਲਾਂਕਿ ਜਿਨ੍ਹਾਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਸੈਲਾਨੀ ਇੱਥੇ ਅਮਰਨਾਥ ਯਾਤਰਾ ਲਈ ਨਹੀਂ ਸਗੋਂ ਪਹਿਲਗਾਮ ਅਤੇ ਨੇੜੇ-ਤੇੜੇ ਦੇ ਇਲਾਕੇ ਘੁੰਮਣ ਆਏ ਸਨ। ਸੰਗਠਨ ਟੀਆਰਐੱਫ (ਦਿ ਰੇਸਿਸਟੈਂਸ ਫਰੰਟ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਹਮਲੇ ਦੀ ਸਖਤ ਨਿੰਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਪੀ.ਐੱਮ. ਮੋਦੀ ਨੇ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਟਵੀਟ ਕਰਦਿਆਂ ਲਿਿਖਆ ਕਿ ਮੈਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਉਨ੍ਹਾਂ ਲੋਕਾਂ ਪ੍ਰਤੀ ਮੇਰੀ ਹਮਦਰਦੀ ਹੈ। ਮੈਂ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਅੱਗੇ ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਕੰਮ ਦੇ ਪਿੱਛੇ ਜੋ ਲੋਕ ਹਨ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ… ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ! ਉਨ੍ਹਾਂ ਦਾ ਬੁਰਾ ਏਜੰਡਾ ਕਦੇ ਵੀ ਸਫਲ ਨਹੀਂ ਹੋਵੇਗਾ। ਅੱਤਵਾਦ ਨਾਲ ਲੜਨ ਦਾ ਸਾਡਾ ਇਰਾਦਾ ਅਟੱਲ ਹੈ ਅਤੇ ਇਹ ਹੋਰ ਵੀ ਮਜ਼ਬੂਤ ਹੋਵੇਗਾ।

ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸ਼ਾਹ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਸ਼ਾਹ ਨੂੰ ਮੌਕੇ ‘ਤੇ ਜਾਣ ਲਈ ਕਿਹਾ ਹੈ। ਦੂਜੇ ਪਾਸੇ, ਸ਼ਾਹ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਹੈ। ਜਿਸ ਵਿੱਚ ਆਈ.ਬੀ. ਦੇ ਗ੍ਰਹਿ ਸਕੱਤਰ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਅਧਿਕਾਰੀ ਮੌਜੂਦ ਸਨ। ਜੰਮੂ-ਕਸ਼ਮੀਰ ਦੇ ਡੀਜੀਪੀ ਇਸ ਮੀਟਿੰਗ ਵਿੱਚ ਵਰਚੁਅਲ ਤੌਰ ‘ਤੇ ਸ਼ਾਮਲ ਹੋਏ।

ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਇਸ ਹਮਲੇ ਪਿੱਛੇ ਜੋ ਵੀ ਹੈ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਐਂਟੀ ਟੈਰਰ ਆਪਰੇਸ਼ਨ ਲਈ ਭਲਕੇ ਪਹਿਲਗਾਮ ਜਾਵੇਗੀ ਐਨ ਆਈ ਏ ਦੀ ਟੀਮ

ਹਮਲੇ ਦੀ ਜਾਂਚ ਲਈ ਐਨ.ਆਈ.ਏ. ਦੀ ਟੀਮ ਭਲਕੇ ਪਹਿਲਗਾਮ ਪਹੁੰਚੇਗੀ।ਗ੍ਰਹਿ ਮੰਤਰੀ ਅਮਿਤ ਸ਼ਾਹ ਕਸ਼ਮੀਰ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੇ ਆਉਣ ਤੋਂ ਪਹਿਲਾਂ, ਪਹਿਲਗਾਮ ਹਮਲੇ ਦੇ ਹਥਿਆਰਬੰਦ ਵਿਅਕਤੀਆਂ ਦੀ ਭਾਲ ਲਈ ਐਂਟੀ ਟੈਰਰ ਆਪਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਹਥਿਆਰਬੰਦ ਵਿਅਕਤੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਭਾਰਤੀ ਫੌਜ ਦੀਆਂ ਕਈ ਇਕਾਈਆਂ ਹਥਿਆਰਬੰਦ ਵਿਅਕਤੀਆਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਫੌਜ ਦੀ ਵਿਕਟਰ ਫੋਰਸ, ਸਪੈਸ਼ਲ ਯੂਨਿਟ, ਜੰਮੂ-ਕਸ਼ਮੀਰ ਪੁਲਸ ਦੀ ਐਸ.ਓ.ਜੀ. ਅਤੇ ਸੀ.ਆਰ.ਪੀ.ਐਫ. ਸਾਂਝੇ ਤੌਰ ‘ਤੇ ਇਹ ਕਾਰਵਾਈ ਕਰ ਰਹੇ ਹਨ। ਭਾਰਤੀ ਫੌਜ ਦੀ ਵਿਕਟਰ ਫੋਰਸ ਨੂੰ ਲੁਕੇ ਹੋਏ ਅੱਤਵਾਦੀਆਂ ਨੂੰ ਲੱਭਣ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸੈਨਿਕ ਜੰਗਲਾਂ ਵਿੱਚ ਭਾਲ ਕਰ ਰਹੇ ਹਨ।

ਹਮਲੇ ਦੀ ਮੱੁਖ ਮੰਤਰੀ ਮਾਨ ਨੇ ਕੀਤੀ ਨਿੰਦਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਸੀਐੱਮ ਮਾਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਇਆ ਕਾਇਰਤਾਪੂਰਨ ਹਮਲਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਨਿਹੱਥੇ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਮਨੁੱਖਤਾ ‘ਤੇ ਹਮਲਾ ਹੈ। ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇੱਕਜੁੱਟ ਹੈ; ਸਾਡੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ ਅਤੇ ਅਸੀਂ ਹਰ ਤਰ੍ਹਾਂ ਸਖ਼ਤ ਨਿੰਦਾ ਕਰਦੇ ਹਾਂ।

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info