
ਲੋਡਾਈ/ਸਟਾਕਟਨ (ਰਾਬਤਾ ਨਿਊਜ਼) – ਅਮਰੀਕਾ ਦੇ ਕੈਲੀਫੋਰਨੀਆ ਸਥਿਤ ਵੱਖ-ਵੱਖ ਗੁਰਦੁਆਰਿਆਂ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਐਤਵਾਰ 6 ਅਪ੍ਰੈਲ ਨੂੰ ਕੈਲੀਫੋਰਨੀਆ ਦੇ ਦੂਜੇ ਸਭ ਤੋਂ ਵੱਡੇ ਗੁਰਦੁਆਰਾ ਦਸਮੇਸ਼ ਦਰਬਾਰ ਲੋਡਾਈ-ਸਟਾਕਟਨ ਵਿਖੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਪਹਿਲਾਂ ਹਫ਼ਤਾ ਭਰ ਹਰ ਰੋਜ਼ ਧਾਰਮਿਕ ਦੀਵਾਨ ਸਜਾਏ ਗਏ ਤੇ ਆਖਰੀ ਦਿਨ ਸ੍ਰੀ ਆਖੰਡਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ।

ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਗੁਰ-ਸ਼ਬਦ ਪੜ੍ਹਦਿਆਂ 26 ਏਕੜ ਵਿੱਚਲੇ ਗੁਰਦੁਆਰਾ ਕੰਪਲੈਕਸ ਦੀ ਪਰਿਕਰਮਾ ਕੀਤੀ। ਨਗਰ ਕੀਰਤਨ ਦੌਰਾਨ ਵੱਡੀ ਖ਼ੂਬੀ ਦੇਖਣ ਨੂੰ ਮਿਲੀ ਕਿ ਗੁਰੂ ਗ੍ਰੰਥ ਸਾਹਿਬ ਜੀ ਲਈ ਰਵਾਇਤੀ ਢੰਗ ਦੀ ਪਾਲਕੀ ਤਿਆਰ ਕਰਵਾਈ ਗਈ ਜੋ ਪੁਰਾਤਨ ਸਮੇਂ ਵਾਂਗ ਸਿੰਘ ਤੇ ਸਿੰਘਣੀਆਂ ਦੇ ਮੋਢਿਆਂ ਉੱਤੇ ਚੁੱਕੀ ਗਈ। ਸਿੱਖ ਬੀਬੀਆਂ ਵਿੱਚ ਵੀ ਪਾਲਕੀ ਨੂੰ ਮੋਢਾ ਦੇਣ ਲਈ ਬਹੁਤ ਉਤਸ਼ਾਹ ਦਿਖਾਈ ਦਿੱਤਾ।

ਹਫਤਾ ਭਰ ਚੱਲੇ ਗੁਰਮਤਿ ਸਮਾਗਮਾਂ ਦੌਰਾਨ ਭਾਰਤ ਤੋਂ ਹਰਮਨਪਿਆਰੇ ਕਥਾਕਾਰ ਗਿਆਨੀ ਪਿੰਦਰਪਾਲ ਸਿੰਘ ਵਿਸ਼ੇਸ਼ ਤੌਰ ਉੱਤੇ ਪਹੁੰਚੇ।ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਲੋਡਾਈ ਦੇ ਹੈੱਡ ਗ੍ਰੰਥੀ ਤੇ ਕਥਾਕਾਰ ਭਾਈ ਗੁਰਮੀਤ ਸਿੰਘ ਪੱਟੀ ਵੱਲੋਂ ਵੀ ਹਰ ਰੋਜ਼ ਗੁਰਮਤਿ ਕਥਾ ਵਿਚਾਰ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਸਮਾਗਮ ਦੇ ਆਖਰੀ ਦਿਨ ਬਹੁਤ ਸਾਰੇ ਸਟਾਲ ਲਗਾਏ ਗਏ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਸਮੇਤ ਧਾਰਮਿਕ ਲਿਟਰੇਚਰ ਤੇ ਹੋਰ ਸਾਜ਼ੋ-ਸਮਾਨ ਉਪਲਬਧ ਰਿਹਾ।


