ਨਕੋਦਰ, 15 ਅਪ੍ਰੈਲ – ਨਕੋਦਰ-ਜੰਡਿਆਲਾ ਸੜਕ ’ਤੇ ਭਿਆਨਕ ਹਾਦਸੇ ’ਚ ਔਰਤ ਸਮੇਤ 2 ਲੋਕਾਂ ਦੀ ਮੌਤ ਹੋ ਗਈ ਤੇ 6 ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਸਦਰ ਪੁਲਿਸ ਨੂੰ ਦਿੱਤੇ ਬਿਆਨ ’ਚ ਗੁਰਦੀਪ ਕੁਮਾਰ ਵਾਸੀ ਮੁਹੱਲਾ ਰਵਿਦਾਸਪੁਰਾ ਨਕੋਦਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਪੁੱਤਰ ਨਾਲ ਪਿੰਡ ਘੁੜਕਾ ਤੋਂ ਮੱਥਾ ਟੇਕ ਕੇ ਮੋਟਰਸਾਈਕਲ ’ਤੇ ਵਾਪਸ ਨਕੋਦਰ ਨੂੰ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਸ਼ੰਕਰ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰੈਕਟਰ, ਜਿਸ ’ਤੇ ਚਾਰ ਨੌਜਵਾਨ ਸਵਾਰ ਸਨ, ਨੇ ਸਾਡੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਦੌਰਾਨ ਸਾਹਮਣਿਓਂ ਆ ਰਹੀ ਐਕਟਿਵਾ ਵੀ ਟਰੈਕਟਰ ਨਾਲ ਟਕਰਾ ਗਈ। ਹਾਦਸੇ ਵਿਚ ਐਕਟਿਵਾ ਸਵਾਰ ਔਰਤ ਅਮਰਜੀਤ ਕੌਰ ਪਤਨੀ ਸੁਰਿੰਦਰ ਦਾਸ ਵਾਸੀ ਪਿੰਡ ਸਰੀਂਹ ਨਕੋਦਰ ਤੇ ਟਰੈਕਟਰ ਸਵਾਰ ਨੌਜਵਾਨ ਵੰਸ਼ ਸੰਘੇੜਾ ਪੁੱਤਰ ਜਸਕਰਨ ਵਾਸੀ ਪਿੰਡ ਤੁਗਰਾ ਮਹਿਤਪੁਰ ਦੀ ਮੌਤ ਹੋ ਗਈ।
ਹਾਦਸੇ ਵਿਚ ਮੋਟਰਸਾਈਕਲ ਸਵਾਰ ਗੁਰਦੀਪ ਕੁਮਾਰ, ਉਸ ਦੀ ਪਤਨੀ ਰਾਜ ਰਾਣੀ, ਪੁੱਤਰ ਮਨੀਸ਼ ਕੁਮਾਰ ਤੇ ਟਰੈਕਟਰ ਸਵਾਰ 3 ਨੌਜਵਾਨ ਟਰੈਕਟਰ ਚਾਲਕ ਹਰਮਨ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਸੋਹਲ ਜਗੀਰ ਸ਼ਾਹਕੋਟ, ਰਾਜਵੀਰ ਸਿੰਘ ਪੁੱਤਰ ਕੈਪਟਨ ਸਿੰਘ ਵਾਸੀ ਅਕਬਰਪੁਰ ਸ਼ਾਹਕੋਟ, ਕਸ਼ਿਸ਼ ਚੌਹਾਨ ਪੁੱਤਰ ਬਲਜੀਤ ਸਿੰਘ ਵਾਸੀ ਸੈਦਪੁਰ ਚਿੱਦੀ ਸ਼ਾਹਕੋਟ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਟਰੈਕਟਰ ਡਰਾਈਵਰ ਹਰਮਨ ਸਿੰਘ ਵਾਸੀ ਪਿੰਡ ਸੋਹਲ ਜਗੀਰ ਥਾਣਾ ਸ਼ਾਹਕੋਟ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।