ਓਟਾਵਾ, 28 ਅਪ੍ਰੈਲ – ਕੈਨੇਡਾ ਦੇ ਵੈਨਕੂਵਰ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਇੱਕ ਡਰਾਈਵਰ ਵੱਲੋਂ ਭੀੜ ਵਿੱਚ ਦਾਖਲ ਹੋਣ ਕਾਰਨ ਕੁੱਲ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵੈਨਕੂਵਰ ਪੁਲਸ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਦਰਜਨਾਂ ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਗੰਭੀਰ ਹਨ।
ਵੈਨਕੂਵਰ ਦੇ ਅੰਤਰਿਮ ਪੁਲਿਸ ਮੁਖੀ ਸਟੀਵ ਰਾਏ ਨੇ ਕਿਹਾ ਕਿ ਪੀੜਤਾਂ ਵਿੱਚ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਹਨ, ਮ੍ਰਿਤਕਾਂ ਵਿੱਚ “ਬਹੁਤ ਨੌਜਵਾਨ” ਹਨ। ਰਾਏ ਨੇ ਕਿਹਾ ਕਿ ਡਰਾਈਵਰ ਦਾ ਪੁਲਸ ਅਤੇ “ਮਾਨਸਿਕ ਸਿਹਤ ਨਾਲ ਸਬੰਧਤ ਸਿਹਤ-ਸੰਭਾਲ ਪੇਸ਼ੇਵਰਾਂ” ਨਾਲ ਗੱਲਬਾਤ ਦਾ ਇੱਕ ਮਹੱਤਵਪੂਰਨ ਇਤਿਹਾਸ ਹੈ। ਰਾਏ ਨੇ ਕਿਹਾ, “ਇਹ ਵੈਨਕੂਵਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ।” ਇਹ ਹਾਦਸਾ ਰਾਤ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਈਸਟ 43ਵੇਂ ਐਵੇਨਿਊ ਅਤੇ ਫਰੇਜ਼ਰ ਸਟਰੀਟ ਨੇੜੇ ਵਾਪਰਿਆ ਜਿੱਥੇ ਲਾਪੂ ਲਾਪੂ ਡੇ ਬਲਾਕ ਪਾਰਟੀ ਚੱਲ ਰਹੀ ਸੀ।
ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਇੱਕ ਕਾਲੇ ਐਸ ਯੂ ਵੀ ਨੇ ਉਨ੍ਹਾਂ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਜੋ ਜਾਂ ਤਾਂ ਪੈਦਲ ਜਾ ਰਹੇ ਸਨ ਜਾਂ ਫੂਡ ਟਰੱਕਾਂ ਨੇੜੇ ਉਡੀਕ ਕਰ ਰਹੇ ਸਨ। ਇਸ ਮਾਮਲੇ ਵਿਚ ਵੈਨਕੂਵਰ ਦੇ ਇੱਕ 30 ਸਾਲਾ ਸ਼ੱਕੀ ਵਿਅਕਤੀ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਅਕਤੀ ਦੀ ਪਛਾਣ ਕਾਈ ਜੀ ਐਡਮ ਲੋ ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਦਾ ਮਾਨਸਿਕ ਸਿਹਤ ਦੀ ਸਮੱਸਿਆ ਦਾ ਇਤਿਹਾਸ ਹੈ।