
ਜੰਮੂ, 28 ਅਪ੍ਰੈਲ – ਜੰਮੂ-ਕਸ਼ਮੀਰ ਵਿਧਾਨ ਸਭਾ ਨੇ ਸੋਮਵਾਰ ਨੂੰ ਪਹਿਲਗਾਮ ਹਮਲੇ ‘ਚ ਮਾਰੇ ਗਏ 26 ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਰੱਖਿਆ। ਜਿਵੇਂ ਹੀ ਸਦਨ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ, ਵਿਧਾਨ ਸਭਾ ਸਪੀਕਰ ਅਬਦੁਲ ਰਹੀਮ ਰਾਠੇਰ ਨੇ ਪਹਿਲਗਾਮ ‘ਚ ਹੋਏ ਹਮਲੇ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨਿਰਦੋਸ਼ ਸੈਲਾਨੀਆਂ ਦੇ ਕਤਲ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ,”ਅਸੀਂ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਅਤੇ ਉਨ੍ਹਾਂ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”
ਵਿਧਾਨ ਸਭਾ ਸਪੀਕਰ ਅਬਦੁਲ ਰਹੀਮ ਰਾਠੇਰ ਨੇ ਐਲਾਨ ਕੀਤਾ ਕਿ ਸਦਨ ਇਸ ਹਮਲੇ ‘ਚ ਮਾਰੇ ਗਏ ਲੋਕਾਂ ਦੇ ਸਨਮਾਨ ‘ਚ 2 ਮਿੰਟ ਦਾ ਮੌਨ ਰੱਖੇਗਾ। ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਸਰਕਾਰ ਵੱਲੋਂ ਇਕ ਮਤਾ ਪੇਸ਼ ਕੀਤਾ, ਜਿਸ ‘ਚ ਸੈਲਾਨੀਆਂ ‘ਤੇ ਹੋਏ ਬੇਰਹਿਮ ਅਤੇ ਅਣਮਨੁੱਖੀ ਹਮਲੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ।