ਨਵੀਂ ਦਿਲੀ, 1 ਮਈ : ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਏਅਰਮੈਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ 30 ਅਪ੍ਰੈਲ ਤੋਂ 23 ਮਈ ਤੱਕ ਜਾਰੀ ਕੀਤਾ ਗਿਆ ਹੈ। ਇਸ ਸਮੇਂ ਦੌਰਾਨ, ਕੋਈ ਵੀ ਪਾਕਿਸਤਾਨ ਰਜਿਸਟਰਡ ਜਹਾਜ਼ ਜਾਂ ਫੌਜੀ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋ ਸਕਦਾ।
ਇਸ ਤੋਂ ਪਹਿਲਾਂ ਭਾਰਤ ਦੀਆਂ ਕਾਰਵਾਈਆਂ ਦੇ ਵਿਰੋਧ ਵਿਚ ਪਾਕਿਸਤਾਨ ਨੇ ਭਾਰਤ ਵਿਰੁੱਧ ਕੁਝ ਫੈਸਲੇ ਵੀ ਲਏ, ਜਿਸ ਵਿੱਚ ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨਾ ਸ਼ਾਮਲ ਹੈ। ਭਾਵ, ਹੁਣ ਕੋਈ ਵੀ ਭਾਰਤੀ ਉਡਾਣ ਪਾਕਿਸਤਾਨ ਦੇ ਉੱਪਰੋਂ ਨਹੀਂ ਉੱਡ ਸਕੇਗੀ। ਪਾਕਿਸਤਾਨ ਨੇ ਇਹ ਫੈਸਲਾ ਕਿਸੇ ਰਾਜਨੀਤਿਕ ਜਾਂ ਕੂਟਨੀਤਕ ਕਾਰਨ ਕਰਕੇ ਲਿਆ ਹੈ, ਪਰ ਅਸਲ ਨੁਕਸਾਨ ਉਸਨੂੰ ਖੁਦ ਹੀ ਭੁਗਤਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਦੇਣ ਲਈ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਪੀਐੱਮ ਮੋਦੀ ਨੇ ਕਿਹਾ ਹੈ ਕਿ ਫੌਜ ਨੂੰ ਆਪਣੀ ਸਹੂਲਤ ਅਨੁਸਾਰ ਜਗ੍ਹਾ, ਸਮਾਂ ਅਤੇ ਜਵਾਬੀ ਕਾਰਵਾਈ ਦੀ ਚੋਣ ਕਰ ਸਕਦੀ ਹੈ। ਪਾਕਿਸਤਾਨ ਨੂੰ ਸਖ਼ਤ ਜਵਾਬ ਦੇਣ ਤੋਂ ਪਹਿਲਾਂ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਸਖ਼ਤ ਤਿਆਰੀਆਂ ਦੇ ਵਿਚਕਾਰ, ਇਹ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਸੈਨਿਕ ਦੋਵਾਂ ਦੇਸ਼ਾਂ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਕੁਝ ਚੌਕੀਆਂ ਤੋਂ ਪਿੱਛੇ ਹਟ ਗਏ ਹਨ। ਪਾਕਿਸਤਾਨੀ ਚੌਕੀਆਂ ਤੋਂ ਝੰਡੇ ਹਟਾ ਦਿੱਤੇ ਗਏ ਹਨ।