ਨਵੀਂ ਦਿੱਲੀ, 7 ਮਈ – 22 ਅਪ੍ਰੈਲ ਨੂੰ ਪਹਿਲਗਾਮ ਵਿਚ ਪਾਕਿਸਤਾਨ ਦੇ ਅੱਤਵਾਦੀਆਂ ਨੇ ਜੋ ਹਮਲਾ ਕੀਤਾ ਸੀ, ਉਸ ਦਾ ਜਵਾਬ ਭਾਰਤੀ ਫ਼ੌਜ ਨੇ ਸਟੀਕ ਤਰੀਕੇ ਨਾਲ ਦਿੱਤਾ ਹੈ। 6 ਅਤੇ 7 ਮਈ ਦੀ ਰਾਤ ਭਾਰਤੀ ਹਥਿਆਰਬੰਦ ਫ਼ੌਜ ਨੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਸਥਿਤ ਅੱਤਵਾਦੀ ਅੱਡਿਆਂ ‘ਤੇ ਜ਼ਬਰਦਸਤ ਹਮਲਾ ਕੀਤਾ। ਘਾਤਕ ਡਰੋਨ ਅਤੇ ਮਿਜ਼ਾਈਲਾਂ ਦੀ ਮਦਦ ਨਾਲ 9 ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ।
‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤੀ ਹਵਾਈ ਫ਼ੌਜ ਵਲੋਂ ਮੁਰਿਦਕੇ ਸਥਿਤ ਮਰਕਜ਼ ਤਇਬਾ ‘ਤੇ ਕੀਤੀ ਗਈ ਸਟੀਕ ਏਅਰਸਟ੍ਰਾਈਕ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਮਾਰੇ ਗਏ ਅੱਤਵਾਦੀਆਂ ਵਿਚ ਸੰਗਠਨ ਦਾ ਸੀਨੀਅਰ ਕਮਾਂਡਰ ਹਾਫ਼ਿਜ ਅਬਦੁੱਲ ਮਲਿਕ ਅਤੇ ਇਕ ਹੋਰ ਰਣਨੀਤਕ ਆਪ੍ਰੇਸ਼ਨਸ ਦਾ ਮਾਸਟਰਮਾਈਂਡ ਮੁਦਰਿਸਰ ਸ਼ਾਮਲ ਹੈ।