ੴ ਸਤਿਗੁਰ ਪ੍ਰਸਾਦਿ ॥

ਬੋਲੀ ਆਪਣੀ ਦੇਸ਼ ਦਰਬਾਰ ਹੋਵੇ

Saturday, April 18, 2026
Home » ਲੋਡਾਈ ਵਾਲੀਬਾਲ ਟੂਰਨਾਮੈਂਟ – ਪੰਦਰਾਂ ਟੀਮਾਂ ਦਰਮਿਆਨ ਹੋਏ ਗਹਿਗੱਚ ਮੁਕਾਬਲੇ

ਲੋਡਾਈ ਵਾਲੀਬਾਲ ਟੂਰਨਾਮੈਂਟ – ਪੰਦਰਾਂ ਟੀਮਾਂ ਦਰਮਿਆਨ ਹੋਏ ਗਹਿਗੱਚ ਮੁਕਾਬਲੇ

ਪੂਲ-ਏ ਵਿੱਚ ਦਸਮੇਸ਼ ਦਰਬਾਰ ਲੋਡਾਈ ਤੇ ਪੂਲ-ਬੀ ਵਿਚ ਟੀਮ ਚੜ੍ਹਦੀਕਲਾ ਫੇਅਰਫੀਲਡ ਨੇ ਟਰਾਫੀ ਜਿੱਤੀ

by Raabta News
0 comments
ਸਟਾਕਟਨ(ਕੈਲੀਫੋਰਨੀਆ)/ਮਨਜੀਤ ਸਿੰਘ ਟਿਵਾਣਾ : ਅਮਰੀਕਾ ਦੀ ਸੈਂਟਰ ਵੈਲੀ ਵਿਚ ਪੈਂਦੇ ਗੁਰਦੁਆਰਾ ਦਸਮੇਸ਼ ਦਰਬਾਰ ਦੇ ਖੇਡ ਮੈਦਾਨ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਅੱਜ 22 ਮਾਰਚ ਨੂੰ ਸਵੇਰ ਤੋਂ ਸ਼ੁਰੂ ਹੋਏ ਫਸਵੇਂ ਮੈਚਾਂ ਦੌਰਾਨ ਕੁੱਲ ਪੰਦਰਾਂ ਟੀਮਾਂ ਨੇ ਜੌਹਰ ਦਿਖਾਏ। ਟੂਰਨਾਮੈਂਟ ਵਿੱਚ ਪੂਰੀ ਕੈਲੀਫੋਰਨੀਆ ਸਟੇਟ ਤੋਂ ਹੀ ਵੱਖ-ਵੱਖ ਟੀਮਾਂ ਨੇ ਸ਼ਮੂਲੀਅਤ ਕੀਤੀ। ਬੇਹੱਦ ਰੁਮਾਂਚਕ ਮੁਕਾਬਲਿਆਂ ਵਿਚ ਪੂਲ-ਏ ਦੇ ਫਾਇਨਲ ਵਿਚ ਗੁਰਦੁਆਰਾ ਦਸਮੇਸ਼ ਦਰਬਾਰ ਲੋਡਾਈ ਤੇ ਮਨਟੀਕਾ ਸ਼ਹਿਰ ਦੀਆਂ ਟੀਮਾਂ ਫਾਇਨਲ ਵਿੱਚ ਪਹੁੰਚਣ ਚ ਕਾਮਯਾਬ ਹੋਈਆਂ। ਪੂਲ-ਬੀ ਦੇ ਫਾਇਨਲ ਵਿੱਚ ਟੀਮ ਹਰਿਆਣਾ ਤੇ ਟੀਮ ਚੜ੍ਹਦੀਕਲਾ ਫੇਅਰਫੀਲਡ ਨੇ ਦਾਖਲਾ ਪਾਇਆ
ਟੂਰਨਾਮੈਂਟ ਦੇ ਵਿਚਕਾਰ ਪੰਜਾਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਉਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ।
ਉਹਨਾਂ ਖੇਡਾਂ ਤੇ ਕਸਰਤ ਨੂੰ ਸਿੱਖ ਧਰਮ ਦਾ ਅਤੁੱਟ ਹਿੱਸਾ ਦੱਸਦਿਆ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਵੱਲੋਂ ਪਹਿਲਵਾਨਾਂ ਦੇ ਅਖਾੜੇ ਬਣਾਉਣ ਦੀ ਪਿਰਤ ਪਾਉਣ ਦਾ ਹਵਾਲਾ ਦਿੱਤਾ ਪਹਿਲੇ ਫਾਇਨਲ ਮੁਕਾਬਲੇ ਵਿੱਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਪਹਿਲਾ ਰਾਊਂਡ ਮਨਟੀਕਾ ਦੀ ਟੀਮ ਨੇ ਜਿੱਤਿਆ ਪਰ ਦੂਜੇ ਰਾਊਂਡ ਵਿੱਚ ਦਸਮੇਸ਼ ਦਰਬਾਰ ਲੋਡਾਈ ਨੇ ਸ਼ਾਨਦਾਰ ਵਾਪਸੀ ਕੀਤੀ। ਆਖਰੀ ਤੇ ਤੀਜੇ ਰਾਊਂਡ ਵਿਚ ਆਖ਼ਰ ਤੱਕ ਬਰਾਬਰੀ ਉੱਤੇ ਚੱਲਦਾ ਰਿਹਾ ਮੈਚ ਅੰਤ ਨੂੰ ਲੋਡਾਈ ਟੀਮ ਦੀ ਝੋਲੀ ਵਿਚ ਪਿਆ ਤੇ ਇਸ ਤਰ੍ਹਾਂ ਗੁਰਦੁਆਰਾ ਦਸਮੇਸ਼ ਦਰਬਾਰ ਲੋਡਾਈ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੇਤੂ ਟਰਾਫੀ ਉੱਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ।
ਪੂਲ-ਬੀ ਦੇ ਟੀਮ ਹਰਿਆਣਾ ਤੇ ਟੀਮ ਚੜ੍ਹਦੀ ਕਲਾ ਫੇਅਰਫੀਲਡ ਦੇ ਫਾਇਨਲ ਮੈਚ ਦੌਰਾਨ ਪਹਿਲੇ ਹੀ ਰਾਊਂਡ ਵਿੱਚ ਕਈ ਉਤਰਾਅ ਚੜ੍ਹਾਅ ਦੇਖਣ ਨੂੰ ਮਿਲੇ। ਪਹਿਲਾਂ ਹਰਿਆਣਾ ਦੀ ਟੀਮ ਵਿਚ ਸਿਆਟਲ ਤੋਂ ਆਏ ਨਵੇਂ ਖਿਡਾਰੀ ਦੀ ਸ਼ਮੂਲੀਅਤ ਉਤੇ ਇਤਰਾਜ਼ ਹੋ ਗਿਆ। ਖੇਡ ਕਮੇਟੀ ਨੇ ਇਤਰਾਜ਼ ਸਹੀ ਪਾਇਆ ਤੇ ਹਰਿਆਣਾ ਦੀ ਟੀਮ ਨੂੰ ਨਵਾਂ ਖਿਡਾਰੀ ਬਾਹਰ ਹੀ ਰੱਖਣਾ ਪਿਆ। ਮੁੜ ਮੈਚ ਲਗਭਗ ਬਰਾਬਰੀ ਉੱਤੇ ਹੀ ਚੱਲ ਰਿਹਾ ਸੀ ਕਿ ਹਰਿਆਣਾ ਦੀ ਟੀਮ ਨੇ ਰੈਫਰੀ ਦੇ ਇਕ ਫੈਸਲੇ ਉੱਤੇ ਸਖ਼ਤ ਰੋਸ ਪ੍ਰਗਟ ਕੀਤਾ। ਰੈਫਰੀ ਨੇ ਇੱਕ ਖਿਡਾਰੀ ਨੂੰ ਰੈਡ ਕਾਰਡ ਦਿਖਾ ਦਿੱਤਾ ਤਾਂ ਹਰਿਆਣਾ ਦੀ ਪੂਰੀ ਟੀਮ ਹੀ ਮੈਦਾਨ ਵਿੱਚੋਂ ਬਾਹਰ ਚਲੇ ਗਈ। ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਵੀ ਜਦੋਂ ਹਰਿਆਣਾ ਦੀ ਟੀਮ ਮੁੜ ਖੇਡ ਮੈਦਾਨ ਵਿੱਚ ਨਹੀਂ ਪਹੁੰਚੀ ਤਾਂ ਟੀਮ ਚੜ੍ਹਦੀਕਲਾ ਫੇਅਰਫੀਲਡ ਨੂੰ ਜੇਤੂ ਕਰਾਰ ਦਿੱਤਾ ਗਿਆ।
ਇਸ ਉਪਰੰਤ ਗੁਰਦੁਆਰਾ ਦਸਮੇਸ਼ ਦਰਬਾਰ ਲੋਡਾਈ ਦੀ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਨਗਦ ਇਨਾਮੀ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ। ਪੂਲ-ਏ ਦੀ ਫ਼ਸਟ ਟੀਮ ਨੂੰ 2100 ਡਾਲਰ ਤੇ ਟਰਾਫ਼ੀ ਅਤੇ ਸੈਕਿੰਡ ਟੀਮ ਨੂੰ 1500 ਡਾਲਰ ਤੇ ਟਰਾਫ਼ੀ ਦਿੱਤੀ ਗਈ। ਪੂਲ-ਬੀ ਦੀ ਜੇਤੂ ਟੀਮ ਨੂੰ 1100 ਡਾਲਰ ਤੇ ਜੇਤੂ ਟਰਾਫੀ ਅਤੇ ਦੂਜੇ ਨੰਬਰ ਦੀ ਟੀਮ ਨੂੰ 1100 ਡਾਲਰ ਤੇ ਟਰਾਫ਼ੀ ਦਿੱਤੀ ਗਈ। ਸਾਰਾ ਦਿਨ ਖਿਡਾਰੀਆਂ ਤੇ ਦਰਸ਼ਕਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ।

 

You may also like

Leave a Comment

About Us

Raabta news provide latest news from Punjab,..

@2024 – All Right Reserved. Designed and Developed by Tej Info