
ਕੈਲੀਫੋਰਨੀਆ, 2 ਅਪ੍ਰੈਲ – ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਬਹੁਚਰਚਿਤ ਬਿੱਲ ਐਸ.ਬੀ. 509 ਨੂੰ ਲੈ ਕੇ ਸਿੱਖ ਭਾਈਚਾਰੇ ਸਮੇਤ ਦੁਨੀਆਂ ਭਰ ਦੀਆਂ ਇੱਥੇ ਰਹਿ ਰਹੀਆਂ ਘੱਟ ਗਿਣਤੀਆਂ ਵਿੱਚ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿੱਚ ਬੀਤੇ ਕੱਲ੍ਹ ਇਸ ਟਰਾਂਸਨੈਸ਼ਨਲ ਰਿਪਰੈਸ਼ਨ SB-509 ਬਿੱਲ ਨੂੰ ਲਿਆਉਣ ਬਾਰੇ ਕਮੇਟੀ ਅੱਗੇ ਆਪਣੀ ਰਾਏ ਦੇਣ ਦਾ ਸਮਾਂ ਰੱਖਿਆ ਗਿਆ ਸੀ।
ਇਸ ਮੌਕੇ ਸਿੱਖ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਕੇ ਬਿੱਲ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਈ। ਇਹ ਬਿੱਲ ਵਿਸ਼ਵ ਭਰ ਦੇ ਘੱਟਗਿਣਤੀਆਂ ਨਾਲ ਸਬੰਧਤ ਲੋਕਾਂ ਜੋ ਅਮਰੀਕਾ ਵਿੱਚ ਰਹਿੰਦੇ ਹਨ, ਦੀ ਸੁਰੱਖਿਆ ਤੇ ਉਨ੍ਹਾਂ ਦੇ ਪਿਤਰੀ ਦੇਸ਼ਾਂ ਦੀਆਂ ਸਰਕਾਰਾਂ ਜਾਂ ਏਜੰਸੀਆਂ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨੂੰ ਰੋਕਣ ਵਾਸਤੇ ਅਮਰੀਕੀ ਸੁਰੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੇਣ ਬਾਰੇ ਹੈ।
ਭਾਵੇਂ ਇਸ ਬਿੱਲ ਦਾ ਭਾਰਤ, ਭਾਰਤੀਆਂ ਜਾਂ ਸਿੱਖਾਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਪਿਛਲੇ ਸਮੇਂ ਵਿੱਚ ਕੁਝ ਹਿੰਦੂ ਸੰਸਥਾਵਾਂ ਵੱਲੋਂ ਇਸ ਬਿੱਲ ਦਾ ਚਿੱਠੀਆਂ ਲਿਖ ਕੇ ਵਿਰੋਧ ਕਰਨ ਕਰ ਕੇ ਚਰਚਾ ਭਖੀ ਹੋਈ ਹੈ। ਫਿਲਹਾਲ ਸ਼ੁਰੂਆਤ ਵਿੱਚ ਬਿੱਲ ਦੇ ਖਿਲਾਫ ਇੱਕ ਵੀ ਵੋਟ ਨਹੀਂ ਭੁਗਤੀ ਹੈ ਪਰ ਆਉਂਦੇ ਸਮੇਂ ਵਿੱਚ ਇਸ ਬਿੱਲ ਦੇ ਸਟੇਟ ਅਸੰਬਲੀ ਵਿੱਚ ਜਾਣ ਤੱਕ ਇੱਥੋਂ ਦੀਆਂ ਕੁਝ ਯਹੂਦੀ ਸੰਸਥਾਵਾਂ ਤੇ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਕਰਨ ਦੇ ਆਸਾਰ ਨਜ਼ਰ ਆ ਰਹੇ ਹਨ।