ਸਿਡਨੀ, 2 ਅਪ੍ਰੈਲ – ਆਸਟ੍ਰੇਲੀਆ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ ਜਿਸ ਦੀ ਸ਼ਨਾਖਤ 34 ਸਾਲ ਦੇ ਗੁਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਗੁਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ 6 ਸਾਲ ਦਾ ਬੱਚਾ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 30 ਮਾਰਚ, 2025 ਨੂੰ ਵੈਸਟ੍ਰਨ ਆਸਟ੍ਰੇਲੀਆ ਸੂਬੇ ਦੇ ਪਰਥ ਸ਼ਹਿਰ ਤੋਂ 170 ਕਿਲੋਮੀਟਰ ਉਤਰ-ਪੂਰਬ ਵੱਲ ਸਥਿਤ ਲੇਕ ਨਿਨਾਨ ਇਲਾਕੇ ਵਿਚ ਗੁਰਵਿੰਦਰ ਸਿੰਘ ਦਾ ਟਰੱਕ ਬੇਕਾਬੂ ਹੋ ਕੇ ਇਕ ਦਰੱਖਤ ਵਿਚ ਜਾ ਵੱਜਾ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ।
ਪੁਲਿਸ ਨੇ ਦੱਸਿਆ ਕਿ ਇਕ ਟਰੱਕ ਦੋ ਸੈਮੀ ਟ੍ਰੇਲਰਜ਼ ਨੂੰ ਟੋਅ ਕਰ ਕੇ ਲਿਜਾ ਰਿਹਾ ਸੀ ਜਦੋਂ ਕਲਗਡਰਿੰਗ ਵੈਸਟ ਰੋਡ ਅਤੇ ਕੈਲੀਨਿਰੀ ਵੌਂਗੈਨ ਹਿਲਜ਼ ਰੋਡ ’ਤੇ ਹਾਦਸਾ ਵਾਪਰਿਆ। ਟੋਅ ਕੀਤੇ ਸੈਮੀ ਟ੍ਰਕ ਵਿਚ ਸਵਾਰ ਡਰਾਈਵਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੇਜਰ ਕ੍ਰੈਸ਼ ਇਨਵੈਸਟੀਗੇਟਰਜ਼ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।