ਨਵੀਂ ਦਿੱਲੀ , 3 ਅਪ੍ਰੈਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਮਸਟੇਕ ਸੰਮੇਲਨ ‘ਚ ਹਿੱਸਾ ਲੈਣ ਲਈ ਬੈਂਕਾਕ (ਥਾਈਲੈਂਡ) ਲਈ ਰਵਾਨਾ ਹੋ ਗਏ ਹਨ। ਉਹ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਦੇ ਸੱਦੇ ‘ਤੇ ਥਾਈਲੈਂਡ ਦੇ ਦੋ ਦਿਨਾਂ ਦੌਰੇ ‘ਤੇ ਗਏ ਹਨ।
ਪ੍ਰਧਾਨ ਮੰਤਰੀ ਮੋਦੀ 4 ਅਪ੍ਰੈਲ 2025 ਨੂੰ ਹੋਣ ਵਾਲੇ 6ਵੇਂ ਬਿਮਸਟੇਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਪ੍ਰਧਾਨ ਮੰਤਰੀ ਦੀ ਥਾਈਲੈਂਡ ਦੀ ਤੀਜੀ ਯਾਤਰਾ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਅਤੇ ਸ਼੍ਰੀਲੰਕਾ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਥਾਈਲੈਂਡ ਦਾ ਅਧਿਕਾਰਤ ਦੌਰਾ ਕਰਨਗੇ ਅਤੇ 6ਵੇਂ ਬਿਮਸਟੇਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਉਹ ਸ਼੍ਰੀਲੰਕਾ ਦੇ ਸਰਕਾਰੀ ਦੌਰੇ ‘ਤੇ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਅਗਲੇ ਤਿੰਨ ਦਿਨਾਂ ਵਿੱਚ ਉਹ ਥਾਈਲੈਂਡ ਅਤੇ ਸ਼੍ਰੀਲੰਕਾ ਦਾ ਦੌਰਾ ਕਰਨਗੇ, ਉਹ ਇਨ੍ਹਾਂ ਦੇਸ਼ਾਂ ਅਤੇ ਬਿਮਸਟੇਕ ਦੇਸ਼ਾਂ ਨਾਲ ਭਾਰਤ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਖ-ਵਖ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਬਾਅਦ ਵਿਚ ਬੈਂਕਾਕ ਵਿਚ ਉਹ ਪ੍ਰਧਾਨ ਮੰਤਰੀ ਸ਼ਿਨਾਵਾਤਰਾ ਨੂੰ ਮਿਲਣਗੇ ਅਤੇ ਭਾਰਤ-ਥਾਈਲੈਂਡ ਦੋਸਤੀ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕਰਨਗੇ। ਕਲ੍ਹ ਉਹ ਬਿਮਸਟੇਕ ਸੰਮੇਲਨ ਵਿਚ ਸ਼ਿਰਕਤ ਕਰਨਗੇ ਅਤੇ ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਨੂੰ ਵੀ ਮਿਲਣਗੇ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਦੀ ਸ਼੍ਰੀਲੰਕਾ ਯਾਤਰਾ 4 ਤੋਂ 6 ਤਰੀਕ ਤਕ ਹੋਵੇਗੀ। ਇਹ ਦੌਰਾ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਦੀ ਭਾਰਤ ਦੀ ਸਫਲ ਯਾਤਰਾ ਤੋਂ ਬਾਅਦ ਹੋ ਰਿਹਾ ਹੈ। ਅਸੀਂ ਬਹੁਪਖੀ ਭਾਰਤ-ਸ਼੍ਰੀਲੰਕਾ ਦੋਸਤੀ ਦੀ ਸਮੀਖਿਆ ਕਰਾਂਗੇ ਅਤੇ ਸਹਿਯੋਗ ਦੇ ਨਵੇਂ ਮੌਕਿਆਂ ‘ਤੇ ਚਰਚਾ ਕਰਾਂਗੇ।