ਕਪੂਰਥਲਾ, 5 ਅਪ੍ਰੈਲ – ਪੰਜਾਬ ਵਿਚ ਅੱਜ ਅੱਗ ਨਾਲ ਝੁੱਗੀਆਂ ਸੜ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਸੁਲਤਾਨਪੁਰ ਲੋਧੀ ਜੀ. ਟੀ. ਰੋਡ ‘ਤੇ ਦਾਣਾ ਮੰਡੀ ਖੈੜਾ ਮੰਦਰ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਵਲੋਂ ਆਪਣਾ ਰੈਣ ਬਸੇਰਾ ਕਰਨ ਲਈ ਬਣਾਈਆਂ ਗਈਆਂ ਝੁੱਗੀਆਂ ਝੋਂਪੜੀਆਂ ਨੂੰ ਅਚਾਨਕ ਅੱਗ ਲਗਣ ਨਾਲ ਲਗਭਗ 30 ਦੇ ਕਰੀਬ ਝੁੱਗੀਆਂ ਸੜ ਗਈਆਂ।
ਝੁੱਗੀਆਂ ਵਿਚ ਪਿਆ ਪ੍ਰਵਾਸੀ ਮਜ਼ਦੂਰਾਂ ਦਾ ਸਾਮਾਨ ਅਤੇ ਨਗਦੀ ਵੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਖ-ਵਖ ਪ੍ਰਵਾਸੀ ਮਜ਼ਦੂਰਾਂ ਨੇ ਦਸਿਆ ਕਿ ਵੇਖਦੇ ਹੀ ਵੇਖਦੇ ਸਾਡੀਆਂ ਅੱਖਾਂ ਦੇ ਸਾਹਮਣੇ ਝੁੱਗੀਆਂ ਤੋਂ ਲੰਘਦੀ 11000 ਵੋਲਟ ਪਾਵਰ ਲਾਈਨ ਇਕ ਖੰਭੇ ਕੋਲੋਂ ਸਪਾਰਕਿੰਗ ਹੋਣ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ ।
ਅੱਗ ਅਚਾਨਕ ਇੰਨੀ ਵੱਧ ਗਈ ਕਿ ਉਹ ਕੰਨਟ੍ਰੋਲ ਤੋਂ ਬਾਹਰ ਹੋ ਗਈ। ਇਸ ਦੌਰਾਨ ਝੁਗੀਆਂ ਵਿਚੋਂ ਪ੍ਰਵਾਸੀ ਮਜ਼ਦੂਰਾਂ ਨੇ ਤਾਂ ਖੁਦ ਭਾਵੇਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਝੁੱਗੀਆਂ ਵਿਚ ਪਿਆ ਸਾਮਾਨ ਅਤੇ ਨਗਦੀ ਸੜ ਕੇ ਸਵਾਹ ਹੋ ਗਿਆ। ਫਾਇਰ ਅਫ਼ਸਰ ਗੁਰਪ੍ਰੀਤ ਸਿੰਘ ਨੇ ਸ਼ਨੀਵਾਰ ਦੁਪਹਿਰ 3 ਵਜੇ ਦੇ ਕਰੀਬ ਦਸਿਆ ਕਿ ਅੱਗ ਤੇ ਕਾਬੂ ਪਾਊਣ ਲਈ ਕਪੂਰਥਲਾ, ਸੁਲਤਾਨਪੁਰ ਲੋਧੀ, ਆਰ.ਸੀ.ਐਫ. ਤੇ ਕਰਤਾਰਪੁਰ ਤੋਂ ਚਾਰ ਗਡੀਆਂ ਆਈਆਂ ਸਨ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ।