ਅਬੂਜਾ, 5 ਅਪ੍ਰੰੈਲ – ਮੱਧ ਨਾਈਜੀਰੀਆ ਵਿਚ ਸ਼ੱਕੀ ਬੰਦੂਕਧਾਰੀਆਂ ਨੇ ਇਸ ਹਫ਼ਤੇ ਘਟੋ-ਘਟ 52 ਲੋਕਾਂ ਦੀ ਹੱਤਿਆ ਕਰ ਦਿਤੀ। ਸਥਾਨਕ ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਬੁਧਵਾਰ ਰਾਤ ਤੋਂ ਹੋਏ ਹਮਲਿਆਂ ਨੇ ਪਠਾਰ ਰਾਜ ਦੇ ਬੋਕੋਸ ਸਥਾਨਕ ਸਰਕਾਰੀ ਖੇਤਰ ਦੇ ਭਾਈਚਾਰਿਆਂ ਵਿਚ ਦਹਿਸ਼ਤ ਪੈਦਾ ਕਰ ਦਿਤੀ ਹੈ। ਬੋਕੋਸ ਕਲਚਰਲ ਡਿਵੈਲਪਮੈਂਟ ਕੌਂਸਲ ਵਾਂਗਡਗਰ ਦੇ ਮੁਖੀ ਫਾਰਮਾਸੁਮ ਫੁਡਾਂਗ ਨੇ ਰਾਜ ਦੀ ਰਾਜਧਾਨੀ ਜੋਸ ਵਿਚ ਪਤਰਕਾਰਾਂ ਨੂੰ ਦਸਿਆ ਕਿ ਹਮਲਾਵਰਾਂ ਨੇ ਸਥਾਨਕ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਘਰਾਂ ਨੂੰ ਅਗ ਲਗਾ ਦਿਤੀ। ਇਨ੍ਹਾਂ ਹਮਲਿਆਂ ਵਿਚ ਕਈ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਫੁਡਾਂਗ ਹੋਰ ਵਲੰਟੀਅਰਾਂ ਦੀ ਅਗਵਾਈ ਕਰ ਰਿਹਾ ਹੈ ਜੋ ਆਲੇ ਦੁਆਲੇ ਦੀਆਂ ਝਾੜੀਆਂ ਵਿਚ ਲਾਸ਼ਾਂ ਦੀ ਭਾਲ ਕਰ ਰਹੇ ਹਨ। ਉਸਨੇ ਕਿਹਾ, ਵੀਰਵਾਰ ਨੂੰ ਘਟੋ-ਘਟ 31 ਲੋਕਾਂ ਨੂੰ ਸਮੂਹਿਕ ਦਫ਼ਨਾਇਆ ਗਿਆ। ਫੁਡਾਂਗ ਨੇ ਕਿਹਾ ਕਿ ਪੰਜ ਨੌਜਵਾਨ ਪੀੜਤਾਂ ਦੀਆਂ ਲਾਸ਼ਾਂ ਵੀਰਵਾਰ ਨੂੰ ਹੀ ਹੁਰਤੀ ਪਿੰਡ ਵਿਚ ਮਿਲੀਆਂ ਸਨ ਅਤੇ ਬੋਕੋਸ ਖੇਤਰ ਦੇ ਕਈ ਪਿੰਡਾਂ ਵਿਚ ਤਲਾਸ਼ੀ ਦੌਰਾਨ 16 ਹੋਰ ਲਾਸ਼ਾਂ ਮਿਲੀਆਂ ਸਨ। ਗੌਰਤਲਬ ਹੈ ਕਿ ਤਾਜ਼ਾ ਖੂਨ-ਖਰਾਬੇ ਦੇ ਪਿਛੇ ਦਾ ਮਕਸਦ ਅਣਜਾਣ ਹੈ। ਬੋਕੋਸ ਪਠਾਰ ਦੇ ਸਭ ਤੋਂ ਵਧ ਹਮਲੇ ਵਾਲੇ ਖੇਤਰਾਂ ਵਿਚੋਂ ਇਕ ਹੈ, ਜੋ ਕਿ ਦੇਸ਼ ਦੇ ਮੁਸਲਿਮ-ਬਹੁਗਿਣਤੀ ਉਤਰ ਅਤੇ ਈਸਾਈ-ਬਹੁਗਿਣਤੀ ਦਖਣ ਦੇ ਵਿਚਕਾਰ ਇਕ ਕੇਂਦਰੀ ਖੇਤਰ ਹੈ।
ਇਕ ਬਿਆਨ ਵਿਚ ਪਠਾਰ ਰਾਜ ਸਰਕਾਰ ਨੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸੁਰਖਿਆ ਏਜੰਸੀਆਂ ਨੇ ਮੰਦਭਾਗੀ ਘਟਨਾ ਦੇ ਸਬੰਧ ਵਿਚ ਕੁਝ ਸ਼ਕੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਨਾਈਜੀਰੀਆ ਦੇ ਉਤਰੀ ਅਤੇ ਕੇਂਦਰੀ ਖੇਤਰਾਂ ਵਿਚ ਹਥਿਆਰਬੰਦ ਹਮਲੇ ਮੁਖ ਸੁਰੱਖਿਆ ਖ਼ਤਰਾ ਰਹੇ ਹਨ, ਜਿਸ ਕਾਰਨ ਹਾਲ ਹੀ ਦੇ ਮਹੀਨਿਆਂ ਵਿਚ ਵਡੀ ਗਿਣਤੀ ਵਿਚ ਮੌਤਾਂ ਅਤੇ ਅਗਵਾ ਦੀਆਂ ਘਟਨਾਵਾਂ ਵਾਪਰੀਆਂ ਹਨ।