
ਇਸਲਾਮਾਬਾਦ, 5 ਮਈ – ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿ ਦਰਮਿਆਨ ਤਣਾਅ ਬਹੁਤ ਵੱਧ ਗਿਆ ਹੈ। ਇਸ ਦੌਰਾਨ ਪਾਕਿਸਤਾਨ ਦੇ ਰੂਸ ਸਥਿਤ ਰਾਜਦੂਤ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੇ ਦੇਸ਼ ‘ਤੇ ਹਮਲਾ ਕੀਤਾ ਗਿਆ ਜਾਂ ਉਸ ਦੇ ਦੇਸ਼ ਨੂੰ ਜਾਣ ਵਾਲਾ ਪਾਣੀ ਰੋਕਿਆ ਗਿਆ ਤਾਂ ਉਹ “ਪੂਰੀ ਤਾਕਤ” ਨਾਲ ਜਵਾਬ ਦੇਵੇਗਾ ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਮੁਹੰਮਦ ਖਾਲਿਦ ਜਮਾਲੀ ਨੇ ਇਹ ਬਿਆਨ ਐਤਵਾਰ ਨੂੰ ਰੂਸ ਦੀ ਇਕ ਸਰਕਾਰੀ ਨਿਊਜ਼ ਏਜੰਸੀ ਨਾਲ ਇੱਕ ਇੰਟਰਵਿਊ ਦੌਰਾਨ ਕੀਤੀ। ਪਾਕਿਸਤਾਨ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰੀ ਬਾਰੇ ਚਿਤਾਵਨੀ ਦਿੰਦੇ ਹੋਏ ਰਾਜਦੂਤ ਨੇ ਕਿਹਾ, “ਅਸੀਂ ਪਾਕਿਸਤਾਨ ਆਪਣੇ ‘ਤੇ ਹੋਣ ਵਾਲੇ ਹਮਲੇ ਦਾ ਜਵਾਬ ਪੂਰੀ ਸਮਰੱਥਾ ਨਾਲ ਦੇਵੇਗਾ ਤੇ ਲੋੜ ਪਈ ਤਾਂ ਬਾਕੀ ਹਥਿਆਰਾਂ ਦੇ ਨਾਲ ਅਸੀਂ ਪ੍ਰਮਾਣੂ ਹਥਿਆਰਾਂ ਦੀ ਵੀ ਵਰਤੋਂ ਕਰਾਂਗੇ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਫ਼ੀ ਵਧਿਆ ਹੋਇਆ ਹੈ। ਇਸ ਅੱਤਵਾਦੀ ਹਮਲੇ ‘ਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।
ਜਮਾਲੀ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਜਲ ਸਮਝੌਤੇ ‘ਤੇ ਇਸਲਾਮਾਬਾਦ ਦੇ ਰੁਖ਼ ਨੂੰ ਦੁਹਰਾਇਆ, ਜਿਸ ਨੂੰ ਨਵੀਂ ਦਿੱਲੀ ਨੇ ਪਿਛਲੇ ਹਫ਼ਤੇ ਅੱਤਵਾਦੀ ਹਮਲੇ ਦੇ ਕੂਟਨੀਤਕ ਜਵਾਬ ਦੇ ਹਿੱਸੇ ਵਜੋਂ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ, “ਹੇਠਲੇ ਰਿਪੇਰੀਅਨ ਜ਼ੋਨ ਦੇ ਪਾਣੀਆਂ ਨੂੰ ਹੜੱਪਣ, ਰੋਕਣ ਜਾਂ ਮੋੜਨ ਦੀ ਕੋਈ ਵੀ ਕੋਸ਼ਿਸ਼ ਪਾਕਿਸਤਾਨ ਖ਼ਿਲਾਫ਼ ਜੰਗ ਦੀ ਕਾਰਵਾਈ ਹੋਵੇਗੀ ਅਤੇ ਇਸ ਦਾ ਪੂਰੀ ਤਾਕਤ ਨਾਲ ਜਵਾਬ ਦਿੱਤਾ ਜਾਵੇਗਾ, ਜਿਸ ਵਿੱਚ ਪ੍ਰਮਾਣੂ ਹਮਲਾ ਵੀ ਸ਼ਾਮਲ ਹੈ।” ਹਾਲਾਂਕਿ, ਰਾਜਦੂਤ ਨੇ ਤਣਾਅ ਘਟਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਕੋਲ ਪ੍ਰਮਾਣੂ ਹਥਿਆਰ ਹਨ, ਜਿਸ ਕਾਰਨ ਜੰਗ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।