ਗਾਜ਼ੀਆਬਾਦ, 28 ਮਾਰਚ – ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਭੋਜਪੁਰ ਥਾਣਾ ਖੇਤਰ ‘ਚ ਸ਼ੁਕਰਵਾਰ ਸਵੇਰੇ ਇਕ ਪੇਪਰ ਮਿੱਲ ‘ਚ ਬਾਇਲਰ ਫਟਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਵਾਪਰੀ ਜਦੋਂ ਮਜ਼ਦੂਰ ਮਿੱਲ ‘ਚ ਕੰਮ ਕਰ ਰਹੇ ਸਨ। ਪੁਲਸ ਸੂਤਰਾਂ ਨੇ ਕਿਹਾ, ਅਚਾਨਕ ਬਾਇਲਰ ‘ਚ ਧਮਾਕਾ ਹੋਇਆ ਜਿਸ ਕਾਰਨ ਤਿੰਨੋਂ ਮਜ਼ਦੂਰ ਉਛਲ ਕੇ 50 ਫੁਟ ਦੂਰ ਜਾ ਡਿੱਗੇ ।
ਤਿੰਨਾਂ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਹੋ ਗਏ। ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) ਸੁਰੇਂਦਰ ਨਾਥ ਤਿਵਾੜੀ ਨੇ ਕਿਹਾ, ਮ੍ਰਿਤਕਾਂ ਦੀ ਪਛਾਣ ਯੋਗੇਂਦਰ, ਅਨੁਜ ਅਤੇ ਅਵਧੇਸ਼ ਵਜੋਂ ਹੋਈ ਹੈ। ਫੈਕਟਰੀ ਮਾਲਕ ਅਵਨੀਸ਼ ਮੋਦੀਨਗਰ ਚ ਰਹਿੰਦਾ ਹੈ। ਫੈਕਟਰੀ ੋਚ ਲੈਮੀਨੇਸ਼ਨ ਪੇਪਰ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰ ਮੌਕੇ ‘ਤੇ ਪਹੁੰਚ ਗਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।